<p>ਕਪੂਰਥਲਾ: ਥਾਣਾ ਬੇਗੋਵਾਲ ਅਧੀਨ ਆਉਦੇ ਪਿੰਡ ਟਾਂਡੀ ਦਾਖਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਚਿੱਟੇ ਦਿਨ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਦੇ ਅਨੁਸਾਰ ਸ਼ਾਤਿਰ ਚੋਰ ਸਬ ਇੰਸਪੈਕਟਰ ਧਰਮਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉਥੇ ਪਈ ਨਗਦੀ ਤੇ ਜੇਵਰ ਚੋਰੀ ਕਰ ਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਕੌਰ ਪਤਨੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਬ-ਇੰਸਪੈਕਟਰ ਤੇ ਪਦਉਨਤ ਹੋਣ ਲਈ ਫਿਲੋਰ ਵਿਖੇ ਟਰੇਨਿੰਗ ਤੇ ਗਏ ਹੋਏ ਹਨ। ਬੀਤੇ ਦਿਨੀਂ ਉਹ ਘਰ ਨੂੰ ਤਾਲਾ ਲਗਾ ਕੇ ਰਿਸ਼ਤੇਦਾਰੀ 'ਚ ਭੋਗ ਸਮਾਗਮ 'ਚ ਸ਼ਾਮਿਲ ਹੋਣ ਲਈ ਸਵੇਰੇ 8 ਵਜੇ ਘਰੋਂ ਚਲੀ ਗਈ। ਜਦ ਸ਼ਾਮ 4 ਵਜੇ ਘਰ ਆ ਕੇ ਮੇਨ ਗੇਟ ਦਾ ਤਾਲਾ ਖੋਹਲ ਕੇ ਅੰਦਰ ਗਈ ਤਾਂ ਅੰਦਰ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਕਮਰਿਆਂ 'ਚ ਬਣੀਆਂ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ। ਮੈਂ ਇਕੱਲੀ ਹੋਣ ਕਰਕੇ ਇਹ ਸਭ ਵੇਖ ਕੇ ਡਰ ਗਈ ਤੇ ਗੁਆਂਢੀਆਂ ਨੂੰ ਸੱਦ ਕੇ ਲਿਆਦਾਂ, ਜਦ ਸਮਾਨ ਚੈੱਕ ਕੀਤਾ ਤਾਂ 40 ਹਜ਼ਾਰ ਦੀ ਨਗਦੀ, ਦੋ ਤੋਲੇ ਸੋਨਾ, ਕੀਮਤੀ ਸ਼ਰਾਬ ਤੇ ਹੋਰ ਸਮਾਨ ਗਾਇਬ ਸੀ। </p>