<p>ਅੰਮ੍ਰਿਤਸਰ: ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਇੱਕ ਹੋਰ ਵੱਡੇ ਨਸ਼ਾ ਤਸਕਰ ਸੌਰਭ ਪ੍ਰਤਾਪ ਦੇ ਘਰ 'ਤੇ ਪੀਲਾ ਪੰਜਾ ਚਲਾਇਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੇ ਖਿਲਾਫ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਦਸਵੀਂ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਕੋਟ ਖਾਲਸਾ ਇਲਾਕੇ ਦੇ ਆਕਾਸ਼ ਐਵਨਿਊ ਦੇ ਸੌਰਭ ਪ੍ਰਤਾਪ ਦੇ ਉੱਤੇ ਨਸ਼ਾ ਤਸਕਰੀ ਅਤੇ ਕ੍ਰਾਈਮ ਸਬੰਧੀ ਲਗਭਗ 25 ਮਾਮਲੇ ਦਰਜ ਹਨ। ਸੌਰਭ ਅਤੇ ਉਸਦਾ ਪੂਰਾ ਪਰਿਵਾਰ ਨਸ਼ਿਆਂ ਦੀ ਤਸਕਰੀ ਵਿੱਚ ਲਿੱਪਤ ਹੈ। ਪੁਲਿਸ ਨੇ ਪਹਿਲਾਂ ਵੀ ਉਸ ਕੋਲੋਂ 8 ਕਿਲੋ ਹੈਰੋਇਨ ਅਤੇ 6 ਕਿਲੋ ਅਫੀਮ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੌਰਭ ਦਾ ਭਰਾ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਧੀ ਵੀ ਨਸ਼ੇ ਦੇ ਕੰਮ ਵਿੱਚ ਸ਼ਾਮਿਲ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੌਰਭ 2009 ਤੋਂ ਨਸ਼ੇ ਦੀ ਦੁਨੀਆਂ ਵਿੱਚ ਸਰਗਰਮ ਹੈ। ਹਾਲਾਂਕਿ ਇਹ ਫਰਾਰ ਹੈ, ਪਰ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। </p>