<p>ਅੰਮ੍ਰਿਤਸਰ: ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁੱਲ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰਾਂ ਵੀ ਫਾੜ ਦਿੱਤੇ। ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਪੁਲਿਸ ਤੇ ਵਾਲਮੀਕੀ ਆਗੂਆਂ ਵਿਚਾਲੇ ਧੱਕਾ ਮੁੱਕੀ ਹੋਈ। ਵਾਲਮੀਕੀ ਤੀਰਥ ਧੂਨਾ ਸਾਹਿਬ ਟਰੰਸਟ ਦੇ ਬਾਬਾ ਬਲਵੰਤ ਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਤੀਰਥ 'ਤੇ ਆਪਣੇ ਪਾਰਟੀ ਚਿੰਨ੍ਹ ਝਾੜੂ ਵਾਲਾ ਲੋਗੋ ਲਗਾਉਣਾ ਸੰਪੂਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਰਫ ਟੇਲਰ ਸੀ ਅਤੇ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ 20 ਜੁਲਾਈ ਨੂੰ ਸੰਤ ਸਮਾਜ ਅਤੇ ਸੰਸਥਾਵਾਂ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸੂਬਾ ਪੱਧਰ 'ਤੇ ਚੱਕਾ ਜਾਮ ਕੀਤਾ ਜਾਵੇਗਾ। </p>