<p>ਬਠਿੰਡਾ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ ਵਾਪਰਿਆ, ਜਿੱਥੇ ਕਾਰ ਦਾ ਟਾਇਰ ਫੱਟਣ ਕਾਰਨ ਕਾਰ ਟਰੱਕ ਨਾਲ ਜਾ ਟਕਰਾਈ। ਇਸ ਟੱਕਰ ਕਾਰਨ ਕਾਰ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਵੀ ਪਹੁੰਚੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਮ੍ਰਿਤਕ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਟਾਇਰ ਫੱਟਣ ਕਾਰਨ ਇੱਕ ਕਾਰ ਟਰੱਕ ਨਾਲ ਜਾ ਟਕਰਾਈ ਹੈ। ਇਸ ਟੱਕਰ ਦੌਰਾਨ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਜੋ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਸਨ ਅਤੇ ਇੱਕ ਲੜਕੀ ਜੋ ਬਰਨਾਲਾ ਦੀ ਰਹਿਣ ਵਾਲੀ ਸੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। </p>