<p>ਬਠਿੰਡਾ: ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਤਹਿਤ ਬਠਿੰਡਾ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੀ ਨਸ਼ੇ ਵਜੋਂ ਬਦਨਾਮ ਧੋਬੀਆਣਾ ਬਸਤੀ ਵਿੱਚ 2 ਨਸ਼ਾ ਤਸਕਰਾਂ ਦੇ ਘਰ ਢਾਏ। ਇਨ੍ਹਾਂ ਲੋਕਾਂ ਵੱਲੋਂ ਪੁੱਡਾ ਦੀ ਜਗ੍ਹਾ ਵਿੱਚ ਕਬਜ਼ਾ ਕਰਕੇ ਨਜਾਇਜ਼ ਉਸਾਰੀ ਕੀਤੀ ਗਈ ਸੀ। ਜਿਸਦੇ ਚੱਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਕਰਕੇ ਇਨ੍ਹਾਂ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਵੱਲੋਂ ਰੋਜ਼ਾਨਾ ਹੀ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਅੱਜ ਵੀ ਧੋਬੀਆਣਾ ਵਿਖੇ ਅਜਿਹੇ 2 ਘਰ ਢਾਏ ਗਏ ਹਨ ਜੋ ਕਿ ਨਜਾਇਜ਼ ਕਬਜੇ ਸਨ। ਇਨ੍ਹਾਂ ਲੋਕਾਂ ਖਿਲਾਫ ਨਸ਼ੇ ਵੇਚਣ ਦੇ ਕਈ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਇੱਕ ਵਿਅਕਤੀ ਦੇ ਘਰ ਵੀ ਢਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਦੋ ਪ੍ਰੋਪਰਟੀਜ ਨਜਾਇਜ਼ ਉਸਾਰੀਆਂ ਅਧੀਨ ਸੀ ਜਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਕਾਰਵਾਈ ਕੀਤੀ ਗਈ।</p>