<p>ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਨਾ ਹਲਕੇ ਦੇ ਪਿੰਡ ਲਿਬੜਾ 'ਚ ਪਹੁੰਚ ਕੇ ਇੱਕ ਵੱਖਰੇ ਅੰਦਾਜ਼ 'ਚ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਲਿਬੜਾ ਅਤੇ ਨਜ਼ਦੀਕੀ ਦੇ ਹੋਰ ਪਿੰਡਾਂ ਦੀ ਲਗਭਗ 500 ਏਕੜ ਜ਼ਮੀਨ ਲਈ ਸ਼ੁਰੂ ਕੀਤੇ ਗਏ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਸਾਨਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ, "ਮੈਂ ਵੀ ਕਿਸਾਨ ਦਾ ਪੁੱਤ ਹਾਂ। ਮੈਨੂੰ ਪਤਾ ਹੈ ਕਿ ਧਰਤੀ ਹੇਠਲਾ ਪਾਣੀ ਕਿਵੇਂ ਹਰੇਕ ਸਾਲ ਥੱਲੇ ਜਾ ਰਿਹਾ ਹੈ। ਇਹ ਸਿਰਫ ਪੰਜਾਬ ਲਈ ਨਹੀਂ, ਸਗੋਂ ਪੂਰੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸ ਦਾ ਹੱਲ ਸਿਰਫ ਨਹਿਰੀ ਪਾਣੀ ਹੀ ਹੈ।" ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਿਊਬਵੈੱਲ ਦੀ ਵਰਤੋਂ ਘੱਟ ਕਰਕੇ ਜ਼ਿਆਦਾ ਤੋਂ ਜ਼ਿਆਦਾ ਨਹਿਰੀ ਪਾਣੀ ਵਰਤਿਆ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਉਨ੍ਹਾਂ ਕਿਹਾ, "ਇਸ ਤਰ੍ਹਾਂ ਦਾ ਮੁੱਖ ਮੰਤਰੀ ਕਦੇ ਪੰਜਾਬ ਨੂੰ ਨਹੀਂ ਮਿਲਿਆ। ਨਾਂ ਲਾਵ-ਲਸ਼ਕਰ, ਨਾਂ ਹੀ ਵਿਸ਼ੇਸ਼ ਪ੍ਰੋਟੋਕੋਲ — ਸਿੱਧਾ ਕਿਸਾਨ ਬਣ ਕੇ ਖੇਤ 'ਚ ਪਹੁੰਚ ਕੇ ਲੋਕਾਂ ਨਾਲ ਜਮੀਨੀ ਸਤ੍ਹਾ 'ਤੇ ਗੱਲ ਕੀਤੀ।"</p>