<p>ਫਿਰੋਜ਼ਪੁਰ: ਇੱਕ ਤੋਂ ਬਾਅਦ ਇੱਕ ਫਿਰੋਜ਼ਪੁਰ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ ਹੈ। ਬੀਤੀ ਕੱਲ ਬਦਮਾਸ਼ਾਂ ਵੱਲੋਂ ਇੱਕ ਡਾਕਟਰ ਉੱਪਰ ਉਸਦੇ ਕਲੀਨਿਕ ਵਿੱਚ ਵੜ ਕੇ ਹੀ ਗੋਲੀ ਚਲਾਈ ਗਈ ਸੀ। ਹੁਣ ਇਸ ਵਾਰ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਉੱਪਰ ਬਦਮਾਸ਼ਾਂ ਨੇ ਰਾਹ ਜਾਂਦੇ ਹੋਏ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਹੈ। ਉਹ ਵੀ ਇਹ ਵਾਰਦਾਤ ਗਰਲ ਸਕੂਲ ਦੇ ਬਿਲਕੁਲ ਨੇੜੇ ਵਾਪਰੀ ਹੈ। ਜਿਸ ਨੂੰ ਗੋਲੀ ਲੱਗੀ ਹੈ ਉਸ ਦਾ ਨਾਮ ਰਾਹੁਲ ਕੱਕੜ ਹੈ ਅਤੇ ਉਹ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਹੈ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਉਹ ਅਪਾਹਿਜ ਵੀ ਹੈ, ਜਿਸ ਵੇਲੇ ਹਮਲਾਵਰਾਂ ਨੇ ਉਸ ਉੱਪਰ ਗੋਲੀ ਚਲਾਈ, ਉਸ ਸਮੇਂ ਉਹ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ, ਗੋਲੀ ਲੱਗਣ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਅਤੇ ਜਿਸ ਜਗ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਜਗ੍ਹਾ ਕੋਈ ਸੀਸੀਟੀਵੀ ਮੌਜੂਦ ਨਹੀਂ ਹੈ। ਪੁਲਿਸ ਹੁਣ ਉਸ ਰਸਤੇ ਦੇ ਦੋਨਾਂ ਚੌਂਕਾਂ ਵਿੱਚ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। </p>