<p>ਗੁਰਦਾਸਪੁਰ: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਤੋਂ ਇੱਕ ਵ੍ਹਟਸਐਪ ਕਾਲ ਰਾਹੀਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੈਂਸ ਅਨੁਸਾਰ ਉਸਨੂੰ ਲਗਾਤਾਰ 2 ਮਹੀਨਿਆਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਹ ਐਤਵਾਰ ਨੂੰ ਆਪਣੇ ਘਰ 'ਚ ਸੀ। ਇਸ ਦੌਰਾਨ ਦੁਪਹਿਰ 3.10 ਵਜੇ, ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਇੱਕ ਕਾਲ ਆਈ। ਇਸ ਤੋਂ ਬਾਅਦ, ਉਸਨੂੰ ਇੱਕ ਆਡੀਓ ਮੈਸੇਜ਼ ਆਇਆ ਜਿਸ ਵਿੱਚ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ, ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਬੈਂਸ ਨੇ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ। ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਸਦੀ ਰੇਕੀ ਵੀ ਕੀਤੀ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਉਸ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।</p>