<p>ਮਾਨਸਾ: ਬੁਢਲਾਡਾ ਸ਼ਹਿਰ ਦੀ ਪੀਐਨਬੀ ਬੈਂਕ ਵਿੱਚੋਂ 37 ਲੱਖ ਰੁਪਏ ਦਾ 36 ਤੋਲੇ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਬੈਂਕ ਦੇ ਪੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਤੋਂ 18 ਤੋਲੇ ਸੋਨਾ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਬੁਢਲਾਡਾ ਦੀ ਬੈਂਕ ਵਿੱਚੋਂ 37 ਲੱਖ ਰੁਪਏ ਦਾ 36 ਤੋਲੇ ਸੋਨਾ ਲਾਕਰ 'ਚੋਂ ਚੋਰੀ ਹੋਣ ਸਬੰਧੀ ਬੈਂਕ ਦੇ ਮੈਨੇਜਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਇਸ ਮਾਮਲੇ ਨੂੰ ਗਹਿਰਾਈ ਦੇ ਨਾਲ ਲੈਂਦੇ ਹੋਏ ਜਾਂਚ ਕੀਤੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੈਂਕ ਦੇ ਹੀ ਪੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਪੀਅਨ ਤੋਂ ਪੁਲਿਸ ਨੇ 18 ਤੋਲੇ ਸੋਨਾ ਵੀ ਬਰਾਮਦ ਕੀਤਾ ਹੈ ਅਤੇ ਬਾਕੀ ਦਾ ਸੋਨਾ ਉਸ ਵੱਲੋਂ ਇੱਕ ਪ੍ਰਾਈਵੇਟ ਫਾਇਨਾਂਸ ਬੈਂਕ ਦੇ ਵਿੱਚ ਗਹਿਣੇ ਰੱਖ ਕੇ ਉਸ 'ਤੇ ਲੋਨ ਕਰਵਾ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਜਾਂਚ ਜਾਰੀ ਹੈ। ਪੀਐਨ ਦੇ ਨਾਲ ਕਿਸੇ ਹੋਰ ਵਿਅਕਤੀ ਦੀ ਮਿਲੀਭੁਗਤ ਹੈ ਜਾਂ ਨਹੀਂ ਇਸ ਸਬੰਧੀ ਅਜੇ ਪੁੱਛਗਿਛ ਕੀਤੀ ਜਾ ਰਹੀ ਹੈ। </p>