<p>ਸ੍ਰੀ ਮੁਕਤਸਰ ਸਾਹਿਬ ਵਿੱਚ ਦਰਦਨਾਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ। ਬੱਲਮਗੜ੍ਹ ਰੋਡ ਨੇੜਲੇ ਫਾਟਕ ਅਤੇ ਦਾਣਾ ਮੰਡੀ ਦੇ ਵਿਚਕਾਰ ਤਿੰਨ ਨੌਜਵਾਨ ਰੇਲਵੇ ਲਾਈਨ ਲੰਘ ਰਹੇ ਸਨ ਕਿ ਅਚਾਨਕ ਟ੍ਰੇਨ ਆ ਗਈ। ਜਿਸ ਕਾਰਨ ਤਿੰਨੇ ਨੌਜਵਾਨ ਟ੍ਰੇਨ ਦੀ ਚਪੇਟ ਵਿੱਚ ਆ ਗਏ। ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ 2 ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੇਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜਦਕਿ ਜ਼ਖਮੀ ਦਾ ਇਲਾਜ ਉਸੇ ਹਸਪਤਾਲ ਵਿੱਚ ਜਾਰੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਇਹ ਤਿੰਨੇ ਹੀ ਦਿਹਾੜੀ ਕਰਦੇ ਹਨ ਅਤੇ ਘਰੋਂ ਕੰਮ ਦੇਖਣ ਲਈ ਨਿਕਲੇ ਸਨ, ਪਰ ਰਾਤ ਦੇ ਸਮੇਂ ਇਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਪੁਲਿਸ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਸਟੇਸ਼ਨ ਮਾਸਟਰ ਵੱਲੋਂ ਫੋਨ ਆਇਆ ਸੀ ਕਿ ਤਿੰਨ ਨੌਜਵਾਨ ਟ੍ਰੇਨ ਦੀ ਚਪੇਟ ਵਿੱਚ ਆ ਗਏ ਹਨ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।</p>