<p>ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਬਾਊਪੁਰ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਦੱਸ ਦਈਏ ਕਿ ਦਰਿਆ ਬਿਆਸ ਨੇ ਇਸ ਇਲਾਕੇ ਨੂੰ ਵੱਡੀ ਮਾਰ ਮਾਰੀ ਹੈ ਅਤੇ ਆਰਜੀ ਬੰਨ੍ਹ ਟੁੱਟਣ ਤੋਂ ਬਾਅਦ ਪੂਰਾ ਇਲਾਕਾ ਪਾਣੀ ਵਿੱਚ ਡੁੱਬਿਆ ਹੋਇਆ ਹੈ। ਇਸ ਵਿਚਾਲੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। SDRF ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਕੇ ਜਾਂਚ ਆਰੰਭ ਦਿੱਤੀ ਗਈ। ਫਿਲਹਾਲ ਲਾਸ਼ ਦੀ ਸ਼ਨਾਖਤ ਨਹੀਂ ਹੋਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਡੀ ਆਰਐਫ ਦੇ ਇੰਚਾਰਜ ਸਬ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਸਾਨੂੰ ਪੰਚਾਇਤ ਸਕੱਤਰ ਪਾਸੋਂ ਸੂਚਨਾ ਮਿਲੀ ਸੀ ਕਿ ਬਾਊਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਅਨਪਛਾਤੀ ਲਾਸ਼ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਵੱਲੋਂ ਅਗਨ ਬੋਟ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। </p>