<p>ਕਪੂਰਥਲਾ: ਪੰਜਾਬ ਅੰਦਰ ਹੜ੍ਹਾਂ ਕਾਰਨ ਸਥਿਤੀ ਬਹੁਤ ਗੰਭੀਰ ਹੈ। ਇਸ ਨੂੰ ਲੈਕੇ ਪੰਜਾਬ ਦੇ ਹਰ ਖਿੱਤੇ ਨਾਲ ਜੁੜੇ ਲੋਕ ਅੱਗੇ ਆ ਰਹੇ ਹਨ, ਉੱਥੇ ਹੀ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਵੀ ਇਸ ਸਬੰਧੀ ਹੁਣ ਅੱਗੇ ਵਧੀਆਂ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਇਸ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਹੜ੍ਹ ਆਮ ਨਹੀਂ ਹਨ, ਕੁਦਰਤ ਦੀ ਮਾਰ ਨਹੀਂ ਹਨ ਬਲਕਿ ਇਨ੍ਹਾਂ ਹੜ੍ਹਾਂ ਪਿੱਛੇ ਸਬੰਧਤ ਵਿਭਾਗ ਦੀ ਗਲਤੀ ਹੈ ਅਤੇ ਇਸ ਦੇ ਲਈ ਸਿੱਧੇ ਤੌਰ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬੀਬੀਐਮਬੀ ਦਾ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ। ਡੈਮਾਂ ਵਿੱਚੋਂ 31 ਮਈ ਤੱਕ ਪਾਣੀ ਖਾਲੀ ਕਰਨਾ ਹੁੰਦਾ ਹੈ ਜਦਕਿ ਅਜਿਹਾ ਨਹੀਂ ਕੀਤਾ ਗਿਆ ਅਤੇ ਜਦੋਂ ਪਾਣੀ ਸਿਰੋਂ ਨਿਕਲ ਗਿਆ ਤਾਂ ਡੈਮਾਂ ਦੇ ਗੇਟ ਖੋਲ੍ਹ ਕੇ ਪੰਜਾਬ ਨੂੰ ਰੋੜ੍ਹ ਦਿੱਤਾ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਜਾਂ ਕਿਸੇ ਵੀ ਸੰਸਦ ਮੈਂਬਰ ਨੇ ਅਜੇ ਤੱਕ ਕਿਸਾਨਾਂ ਨਾਲ ਹਮਦਰਦੀ ਦੇ ਦੋ ਲਫਜ਼ ਨਹੀਂ ਬੋਲੇ। ਉਨ੍ਹਾਂ ਪ੍ਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪੱਧਰ 'ਤੇ ਸੇਵਾ ਨਾ ਭੇਜਣ ਸਗੋਂ, ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਪਰਕ ਕਰਕੇ ਹੜ੍ਹ ਪੀੜਤਾਂ ਲਈ ਸੇਵਾ ਭੇਜਣ। </p>