<p>ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਲ ਟਾਪੂ ਬਣੇ 16 ਪਿੰਡਾਂ ਦੀ ਹਾਲਤ 'ਚ ਹਲਕਾ ਸੁਧਾਰ ਦਿਖਾਈ ਦੇ ਰਿਹਾ ਹੈ। ਪਿੰਡ ਬਾਊਪੁਰ ਅਤੇ ਸਾਂਘਰਾ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ। ਇਥੇ ਕਈ ਆਰਜੀ ਬੰਨ੍ਹ ਟੁੱਟਣ ਤੋਂ ਬਾਅਦ ਹਾਲਾਤ ਬੇਹੱਦ ਮੰਦਭਾਗੇ ਹੋ ਚੁੱਕੇ ਸਨ। ਖੇਤਾਂ ਅਤੇ ਘਰਾਂ ਤੱਕ ਪਾਣੀ ਭਰ ਚੁੱਕਿਆ ਸੀ। ਹੁਣ ਇਨ੍ਹਾਂ ਕਿਸਾਨਾਂ ਦੇ ਲਈ ਅਗਲੀ ਫਸਲ ਦੀ ਬਿਜਾਈ ਵੱਡੀ ਚੁਣੌਤੀ ਹੈ, ਕਿਉਂਕਿ ਸਾਧਨਾਂ ਦੀ ਘਾਟ ਅਤੇ ਆਰਥਿਕ ਤੌਰ 'ਤੇ ਮੰਦਹਾਲੀ ਨਾਲ ਜੂਝ ਰਹੇ ਹਨ। ਇਸ ਇਲਾਕੇ ਦੇ ਕਿਸਾਨ ਆਪਣੀ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਵਿੱਚ ਅਸਮਰੱਥ ਹਨ। ਦੂਜੇ ਪਾਸੇ ਪਾਣੀ ਤੋਂ ਬਾਅਦ ਕਈ ਥਾਵਾਂ 'ਤੇ ਘਰਾਂ ਵਿੱਚ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆ ਗਈਆ ਹਨ। ਬੇਸ਼ੱਕ ਹਾਲੇ ਪਾਣੀ ਪੂਰੀ ਤਰ੍ਹਾਂ ਨਹੀਂ ਘਟਿਆ ਪਰ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ। ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ, ਬੱਲੂ ਬਹਾਦਰ ਨੇੜਿਓ ਬੰਨ੍ਹ ਨੂੰ ਪਾੜ ਪੈ ਜਾਣ ਮਗਰੋਂ ਵੱਡੇ ਪੱਧਰ ਉੱਤੇ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਦਾਖਲ ਹੋ ਗਿਆ ਸੀ। ਇੱਥੇ ਕਰੀਬ 10 ਪਿੰਡਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ।</p>
