<p>ਬਠਿੰਡਾ: ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਵੱਲੋਂ ਆਨਲਾਈਨ ਵਿਸਫੋਟਕ ਸਮੱਗਰੀ ਮੰਗਵਾ ਕੇ ਅਸੈਂਬਲ ਕਰਨ ਦੇ ਦੌਰਾਨ ਹੋਏ ਧਮਾਕਿਆਂ ਤੋਂ ਬਾਅਦ ਪੁਲਿਸ ਵੱਲੋਂ ਘਟਨਾ ਵਾਲੀ ਥਾਂ 'ਤੇ ਲਗਾਤਾਰ ਸਰਚ ਅਭਿਆਨ ਦੇ ਨਾਲ-ਨਾਲ ਵਿਸਫੋਟਕ ਸਮੱਗਰੀ ਨੂੰ ਨਕਾਰਾ ਕਰਨ ਦੇ ਯਤਨ ਜਾਰੀ ਹਨ। ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜੀਦਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਵੱਲੋਂ ਆਨਲਾਈਨ ਵਿਸਫੋਟਕ ਮੰਗਾਈ ਗਈ ਸੀ। ਇਸ ਸਮੱਗਰੀ ਨੂੰ ਜੋੜਨ ਸਮੇਂ ਗੁਰਪ੍ਰੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਮੰਗਵਾਈ ਗਈ ਵਿਸਫੋਟਕ ਸਮੱਗਰੀ ਨੂੰ ਨਕਾਰਾ ਕਰਨ ਲਈ ਬਠਿੰਡਾ ਅਤੇ ਜਲੰਧਰ ਦੀਆਂ ਬੰਬ ਨਿਰੋਧਕ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਦੌਰਾਨ ਛੋਟੇ ਧਮਾਕੇ ਹੋ ਰਹੇ ਹਨ ਪਰ ਆਮ ਲੋਕਾਂ ਅਤੇ ਮੀਡੀਆ ਨੂੰ ਘਟਨਾ ਵਾਲੀ ਥਾਂ 'ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਫਿਲਹਾਲ ਟੀਮਾਂ ਵੱਲੋਂ ਲਗਾਤਾਰ ਵਿਸਫੋਟਕ ਸਮੱਗਰੀ ਨੂੰ ਨਕਾਰਾ ਕਰਨ ਦੇ ਯਤਨ ਜਾਰੀ ਹਨ। </p>