<p>ਬਰਨਾਲਾ: ਬੀਤੀ ਰਾਤ ਥਾਣਾ ਸਿਟੀ ਤੋਂ 100 ਮੀਟਰ ਦੂਰੀ ਤੇ ਬੂਟਾਂ ਦੀ ਦੁਕਾਨ 'ਤੇ ਚੋਰੀ ਹੋਈ ਹੈ। ਸ਼ਹਿਰ ਦੀ ਸਦਰ ਬਾਜ਼ਾਰ ਵਿੱਚ ਪੂਨਮ ਬੂਟ ਹਾਊਸ ਤੇ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਚੋਰੀ ਦੀਆਂ ਘਟਨਾਵਾਂ ਤੋਂ ਸ਼ਹਿਰ ਦੇ ਲੋਕ ਦੁਖੀ ਹਨ ਅਤੇ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਮੋਟਰਸਾਈਕਲ ਕਾਰ ਅਤੇ ਦੁਕਾਨਾਂ ਤੋਂ ਚੋਰੀ ਤੋਂ ਇਲਾਵਾ ਰਾਹ ਜਾਂਦੇ ਲੋਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੌਂ ਰਿਹਾ । ਉਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਉੱਪਰ ਸਖਤੀ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਪੁਲਿਸ ਵੱਲੋਂ ਸੀਸੀਟੀਵੀ ਦੀ ਮਦਦ ਨਾਲ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਦੁਕਾਨ ਦੇ ਮਾਲਕ ਰਜਿੰਦਰ ਗਾਰਗੀ ਨੇ ਦੱਸਿਆ ਕਿ "ਉਹਨਾਂ ਦੀ ਦੁਕਾਨ ਬਰਨਾਲਾ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਪੂਨਮ ਬੂਟ ਹਾਊਸ ਦੇ ਨਾਮ ਉੱਪਰ ਹੈ। ਅੱਜ ਸਵੇਰੇ ਉਹਨਾਂ ਨੂੰ ਗੁਆਂਢੀ ਦੁਕਾਨਦਾਰਾਂ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ਪਹੁੰਚੇ ਤਾਂ ਦੁਕਾਨ ਵਿੱਚ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਗਲਿਆਂ ਦੀ ਭੰਨ ਤੋੜ ਕਰਕੇ ਸਾਰਾ 20 ਹਜ਼ਾਰ ਕੈਸ਼ ਚੋਰੀ ਹੋ ਚੁੱਕਿਆ ਸੀ।ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। "ਇਸ ਮੌਕੇ ਥਾਣਾ ਸਿਟੀ ਬਰਨਾਲਾ ਦੀ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ "ਬੀਤੀ ਰਾਤ ਬਰਨਾਲਾ ਸ਼ਹਿਰ ਦੇ ਪੂਨਮ ਬੂਟ ਹਾਊਸ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ, ਜਿੱਥੋਂ ਚੋਰ ਦੁਕਾਨ ਵਿੱਚੋਂ 20 ਕੁ ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਉਹਨਾਂ ਕਿਹਾ ਕਿ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵੇਗੀ। "</p>
