<p>ਤਰਨਤਾਰਨ: ਜ਼ਿਲ੍ਹਾ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਦੇਸ਼ੀ ਗੈਂਗਸਟਰ ਸੱਤਾ ਨੌਸ਼ਿਹਰਾ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਨਾਂ ਉੱਤੇ ਫਿਰੌਤੀ ਦੀ ਮੰਗ ਕਰਦੇ ਸਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਵੜਿੰਗ ਮੋਹਨਪੁਰ, ਮਹਿਕਪ੍ਰੀਤ ਸਿੰਘ ਉਰਫ ਮਲਹੋਤਰਾ ਪੁੱਤਰ ਸਾਹਿਬ ਸਿੰਘ ਵਾਸੀ ਕੁੱਲਾ ਹਾਲ ਵਾਸੀ ਜੱਟਾ ਅਤੇ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਸੇਰੋਂ ਵੱਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 3 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋਕੇ ਪਿੰਡ ਸੇਰੋਂ ਨਜ਼ਦੀਕ ਘੁੰਮ ਰਹੇ ਹਨ। ਇਸੇ ਦੌਰਾਨ ਨਾਕਾਬੰਦੀ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋ 02 ਨਜਾਇਜ਼ ਪਿਸਟਲ 30 ਬੋਰ ਸਮੇਤ 04 ਰੌਂਦ ਜ਼ਿੰਦਾ, 01 ਨਜਾਇਜ਼ ਪਿਸਟਲ 32 ਬੋਰ ਸਮੇਤ 02 ਰੌਂਦ ਜ਼ਿੰਦਾ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।</p>