<p>ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਲੰਬੇ ਸਮੇਂ ਤੋਂ ਚਿਕਨ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ ਚਾਰ ਵਜੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਦੌਰਾਨ ਹਮਲਾਵਰ ਨੇ ਧਮਕੀ ਦਿੱਤੀ ਸੀ ਕਿ ਸ਼ਾਮ ਨੂੰ ਵੇਖਾਂਗੇ। ਹਮਲਾਵਰ ਪਿੰਡ ਵਿੱਚ ਕਿਰਾਏ 'ਤੇ ਰਹਿੰਦਾ ਸੀ ਅਤੇ ਉਸ ਉੱਤੇ ਪਹਿਲਾਂ ਵੀ ਧਾਰਾ 302 ਦਾ ਮਾਮਲਾ ਦਰਜ ਹੈ। ਸ਼ਾਮ ਨੂੰ ਉਸ ਨੇ ਆਪਣੀ ਧਮਕੀ ਨੂੰ ਅੰਜ਼ਾਮ ਦਿੰਦੇ ਹੋਏ ਸੰਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਮਜੀਠਾ ਥਾਣੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਕਰਮਪਾਲ ਸਿੰਘ ਦੇ ਅਨੁਸਾਰ ਰਾਤ ਕਰੀਬ 10 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਨਵੇਂ ਨਾਗ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰਨ ਉਪਰੰਤ ਮੁੱਖ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।</p>