<p>ਤਰਨ ਤਾਰਨ: ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਲਖਬੀਰ ਉਰਫ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਗਰੁੱਪ ਦੇ ਪੰਜ ਸਾਥੀਆਂ ਨੂੰ ਤਿੰਨ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਕੁਝ ਸਾਥੀ ਜੋ ਭਿੱਖੀਵਿੰਡ ਏਰੀਏ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਘੁੰਮ ਰਹੇ ਹਨ, ਜਿਸ ਦੇ ਚੱਲਦੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ 'ਚ ਇੱਕ ਨਬਾਲਿਗ ਹੈ, ਜਿਸ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ, ਜਦਕਿ ਹੋਰ ਉਸ ਦੇ ਚਾਰ ਸਾਥੀਆਂ 'ਤੇ ਕੋਈ ਮਾਮਲਾ ਦਰਜ ਨਹੀਂ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਜਗਾਨਾ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਤੇ 2 ਰੌਂਦ, ਇੱਕ ਦੇਸੀ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਅਤੇ 1 ਰੌਂਦ, ਅਤੇ ਇੱਕ ਪਿਸਟਲ 32 ਬੋਰ ਅਤੇ 2 ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦਾ ਹੁਣ ਪੁਲਿਸ ਵੱਲੋਂ ਰਿਮਾਂਡ ਲਿਆ ਜਾਵੇਗਾ।</p>
