<p>ਮੋਗਾ: ਮੋਗਾ ਦੀ ਮੋਹਨ ਸਿੰਘ ਬਸਤੀ ਅਤੇ ਬਹਾਦਰ ਸਿੰਘ ਬਸਤੀ ਵਿੱਚ ਪਿਛਲੇ 15 ਦਿਨ੍ਹਾਂ ਤੋਂ ਗੰਦਾ ਅਤੇ ਸੀਵਰੇਜ ਮਿਸ਼ਰਤ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਵਾਰਡ ਦੇ ਐਮਸੀ ਨੇ ਨਾ ਹੀ ਨਗਰ ਨਿਗਮ ਦੇ ਕਿਸੇ ਅਧਿਕਾਰੀ ਨੇ ਮਹੱਲਾ ਵਾਸੀਆਂ ਦੀ ਸੁਣਵਾਈ ਕੀਤੀ। ਸਥਿਤੀ ਬੇਕਾਬੂ ਹੋਣ ’ਤੇ ਨਾਰਾਜ਼ ਮਹੱਲਾ ਵਾਸੀਆਂ ਨੇ ਰੋਡ ’ਤੇ ਧਰਨਾ ਲਗਾ ਕੇ ਨਗਰ ਨਿਗਮ ਖਿਲਾਫ ਨਾਰੇਬਾਜ਼ੀ ਕੀਤੀ। ਜਿਸ ਨਾਲ ਇਲਾਕੇ ਵਿੱਚ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ। ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਸੀਵਰੇਜ ਲਾਈਨਾਂ ਓਵਰਫਲੋ ਹੋਈਆਂ ਹਨ। ਉਸ ਦਿਨ ਤੋਂ ਪੀਣ ਵਾਲੇ ਪਾਣੀ ਦੀ ਲਾਈਨ ਵਿੱਚ ਗੰਦਾ ਪਾਣੀ ਮਿਕਸ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਘਰਾਂ ਵਿੱਚ ਬਦਬੂਦਾਰ, ਮੈਲ-ਮਲੇਣੇ ਭਰਿਆ ਪਾਣੀ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਕੇ ਪਾਣੀ ਦੀ ਸਪਲਾਈ ਠੀਕ ਨਾ ਕੀਤੀ ਗਈ ਤਾਂ ਉਹ ਆਪਣਾ ਰੋਸ ਹੋਰ ਤੇਜ਼ ਕਰਨਗੇ। </p>
