<p>ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਨਾਲ ਸਬੰਧਤ ਸਿਰਫ਼ 3 ਸਾਲ, ਸੱਤ ਮਹੀਨੇ ਅਤੇ 20 ਦਿਨਾਂ ਦੀ ਉਮਰ ਵਾਲੇ ਸਰਵਗਿਆ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ। ਉਸਨੇ FIDE ਰੈਂਕਿੰਗ ਵਿੱਚ ਆਪਣੀ ਜਗ੍ਹਾਂ ਬਣਾਈ ਅਤੇ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ ਬਣ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਪੱਛਮੀ ਬੰਗਾਲ ਭਾਰਤ ਦੇ ਅਵਨੀਸ਼ ਸਰਕਾਰ ਕੋਲ੍ਹ ਸੀ। ਸਰਵਗਿਆ ਦੀ ਮਾਂ ਆਪਣੇ ਬੇਟੇ ਦੀ ਉਪਲਬਧੀ ਤੋਂ ਹੈਰਾਨ ਹੈ। ਸਰਵਗਿਆ ਦਾ ਪਰਿਵਾਰ ਉਸਦੇ ਮੋਬਾਈਲ ਫੋਨ ਦੀ ਵਰਤੋਂ ਬਾਰੇ ਚਿੰਤਤ ਸੀ। ਇਸ ਲਈ ਉਨ੍ਹਾਂ ਨੇ ਸਰਵਗਿਆ ਨੂੰ ਸ਼ਤਰੰਜ ਦੀਆਂ ਕਲਾਸਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ, ਉਨ੍ਹਾਂ ਨੇ ਸਰਵਗਿਆ ਨੂੰ ਔਨਲਾਈਨ ਸਿਖਲਾਈ ਵੀ ਦਿੱਤੀ, ਜਿਸਦੇ ਚਲਦਿਆਂ ਉਸਨੇ ਛੋਟੀ ਉਮਰ ਵਿੱਚ ਹੀ ਆਪਣਾ ਨਾਮ ਬਣਾ ਲਿਆ। FIDE ਰੈਂਕਿੰਗ ਸ਼ਤਰੰਜ ਖਿਡਾਰੀਆਂ ਲਈ ਇੱਕ ਅੰਤਰਰਾਸ਼ਟਰੀ ਰੈਂਕਿੰਗ ਪ੍ਰਣਾਲੀ ਹੈ, ਜੋ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੁਆਰਾ ਹਰ ਮਹੀਨੇ ਜਾਰੀ ਕੀਤੀ ਜਾਂਦੀ ਹੈ। ਇਸ ਰੈਂਕਿੰਗ ਨੂੰ ਪ੍ਰਾਪਤ ਕਰਨ ਲਈ ਇੱਕ ਅੰਤਰਰਾਸ਼ਟਰੀ ਖਿਡਾਰੀ ਨੂੰ ਹਰਾਉਣਾ ਲਾਜ਼ਮੀ ਹੁੰਦਾ ਹੈ। ਹਾਲਾਂਕਿ, ਸਰਵਗਿਆ ਨੇ ਇਹ ਰੈਂਕਿੰਗ ਹਾਸਿਲ ਕਰਨ ਲਈ ਘੱਟ ਸਮੇਂ ਵਿੱਚ ਤਿੰਨ ਅੰਤਰਰਾਸ਼ਟਰੀ ਪੱਧਰ ਦੇ ਸ਼ਤਰੰਜ ਖਿਡਾਰੀਆਂ ਨੂੰ ਹਰਾਇਆ।</p>
