<p>ਕਪੂਰਥਲਾ: ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਇੱਕ ਸ਼ੋਅਰੂਮ ਦੇ ਉੱਪਰ ਬਣੇ ਰਿਹਾਇਸ਼ੀ ਮਕਾਨ ਵਿੱਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ, ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਵਿਭਾਗ ਮੁਤਾਬਕ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਵੱਡੀ ਮਾਤਰਾ ਵਿੱਚ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਪੁਲਿਸ ਅਨੁਸਾਰ ਇਸ ਮਕਾਨ ਵਿੱਚ ਦੋ ਸਕੇ ਭਰਾ ਰਹਿੰਦੇ ਸਨ, ਜਿਨ੍ਹਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਲਜ਼ਾਮ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਇੱਕ ਭਰਾ ਵੱਲੋਂ ਘਰ ਵਿੱਚ ਅੱਗ ਲਗਾਈ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।</p>
