<p>ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਵਾਪਰੀਆਂ ਦੋ ਵੱਖ–ਵੱਖ ਲੁੱਟ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਦੋ ਮੋਟਰਸਾਈਕਲ ਸਵਾਰ ਅਪਰਾਧੀਆਂ ਵੱਲੋਂ ਕ੍ਰਿਪਾਨ ਦੀ ਨੋਕ ‘ਤੇ ਦੋ ਨੌਜਵਾਨਾਂ ਨੂੰ ਲੁੱਟ ਕੇ ਫਰਾਰ ਹੋਣ ਦਾ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਬੇਰ ਸਾਹਿਬ ਰੋਡ ਦੇ ਗਰਾਰੀ ਚੌਂਕ ਨੇੜੇ ਇੱਕ ਨੌਜਵਾਨ ਆਪਣੇ ਦੋਸਤ ਦੀ ਸਬਜ਼ੀ ਵਾਲੀ ਰੇਹੜੀ ਕੋਲ ਬੈਠਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਚਾਨਕ ਉੱਥੇ ਆਏ ਅਤੇ ਕਿਰਪਾਨ ਦਿਖਾ ਕੇ ਉਸ ਦੇ ਗਲੇ ਵਿੱਚ ਪਾਇਆ ਸੋਨੇ ਦਾ ਲੋਕਟ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਘਟਨਾ ਨਜ਼ਦੀਕੀ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਪੀੜਤ ਦੀ ਜਾਣਕਾਰੀ ਅਨੁਸਾਰ ਇਸ ਤੋਂ ਕੁਝ ਸਮੇਂ ਬਾਅਦ ਆਰੀਆ ਸਮਾਜ ਚੌਂਕ ਦੇ ਨੇੜੇ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਲੁੱਟ ਹੋਈ, ਜਿਸ ਵਿੱਚ ਦੂਜੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੋਵੇਂ ਪੀੜਤਾਂ ਨੇ ਦੋ ਦਿਨ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਹਾਲੇ ਤੱਕ ਪੁਲਿਸ ਵੱਲੋਂ ਪੂਰੇ ਬਿਆਨ ਲੈਣ ਲਈ ਪੀੜਤਾਂ ਕੋਲ ਨਹੀਂ ਪਹੁੰਚਿਆ ਗਿਆ। ਉਧਰ ਪੁਲਿਸ ਦਾ ਕਹਿਣਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।</p>
