<p>ਸਰਦੀਆਂ ਵਿੱਚ ਗਰਮ-ਗਰਮ ਚਾਹ ਦਾ ਮਜ਼ਾ ਹੀ ਅਲੱਗ ਹੁੰਦਾ ਹੈ। ਤੁਹਾਨੂੰ ਹਰ ਸ਼ਹਿਰ ਵਿੱਚ ਚਾਹ ਪ੍ਰੇਮੀ ਆਸਾਨੀ ਨਾਲ ਮਿਲ ਜਾਣਗੇ। ਇਸਦੇ ਨਾਲ ਹੀ, ਚਾਹ ਦੀਆਂ ਦੁਕਾਨਾਂ ਵੀ ਹਰ ਗਲੀ, ਮੁਹੱਲੇ, ਕੋਨੇ ਅਤੇ ਚੌਰਾਹੇ 'ਤੇ ਮਿਲ ਜਾਂਦੀਆਂ ਹਨ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਇੱਕ ਰਾਮ ਭਾਈ ਦੀ ਦੁਕਾਨ ਹੈ। ਇੱਥੇ ਲਗਭਗ 200 ਤਰ੍ਹਾਂ ਦੀ ਚਾਹ ਉਪਲਬਧ ਹੈ, ਜਿਨ੍ਹਾਂ ਦੀ ਕੀਮਤ 10 ਰੁਪਏ ਤੋਂ 200 ਰੁਪਏ ਦੇ ਵਿਚਕਾਰ ਹੈ। ਚਾਹ ਪੀਣ ਦੇ ਸ਼ੌਕੀਨ ਦੂਰ-ਦੁਰਾਡੇ ਤੋਂ ਰਾਮ ਭਾਈ ਦੀ ਦੁਕਾਨ 'ਤੇ ਆਉਂਦੇ ਹਨ। ਬਹੁਤ ਸਾਰੇ ਲੋਕ ਅਕਸਰ ਇੱਥੇ ਲੈਮਨ ਟੀ ਅਤੇ ਦੁੱਧ ਵਾਲੀ ਚਾਹ ਦਾ ਸੁਆਦ ਲੈਣ ਲਈ ਆਉਂਦੇ ਹਨ। ਰਾਮ ਭਾਈ ਦੇ ਚਾਹ ਦਾ ਸਫ਼ਰ ਦਸਵੀਂ ਪਾਸ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਉਹ ਆਪਣੇ ਭਰਾ ਨੂੰ ਮਿਲਣ ਲਈ ਭੁਵਨੇਸ਼ਵਰ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਸਾਲ 2000 ਵਿੱਚ ਆਪਣੀ ਚਾਹ ਦੀ ਦੁਕਾਨ ਖੋਲ੍ਹੀ। ਉਨ੍ਹਾਂ ਨੇ ਚਾਹ ਬਣਾਉਣ ਦੀ ਸਿਖਲਾਈ ਲਈ ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਦੀ ਯਾਤਰਾ ਕੀਤੀ ਅਤੇ ਫਿਰ ਉਨ੍ਹਾਂ ਦੀ ਦੁਕਾਨ ਚੱਲ ਪਈ।</p>
