<p>ਰੂਪਨਗਰ: ਰੂਪਨਗਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਜ਼ਿਲ੍ਹੇ ਵਿੱਚ ਟਾਰਗੇਟ ਕਿਲਿੰਗ ਅਤੇ ਲੁੱਟ ਦੀ ਇੱਕ ਖ਼ਤਰਨਾਕ ਸਾਜ਼ਿਸ਼ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਫੇਲ੍ਹ ਕਰ ਦਿੱਤਾ ਹੈ। ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਰੋਲੋ ਮਾਜਰਾ (ਸ੍ਰੀ ਚਮਕੌਰ ਸਾਹਿਬ) ਵਿਖੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸ਼ੁਰੂ ਵਿੱਚ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 399 ਅਤੇ 402 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਜਾਂਚ ਅੱਗੇ ਵਧਣ ‘ਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਾਜ਼ਿਸ਼ ਟਾਰਗੇਟ ਕਿਲਿੰਗ ਨਾਲ ਸੰਬੰਧਿਤ ਸੀ ਅਤੇ ਇਸ ਦੇ ਤਾਰ ਖਾਲਿਸਤਾਨ ਸਮਰਥਕ ਗਤਿਵਿਧੀਆਂ ਨਾਲ ਜੁੜੇ ਨੈੱਟਵਰਕ ਨਾਲ ਮਿਲਦੇ ਹਨ। ਇਸੇ ਆਧਾਰ ‘ਤੇ ਮਾਮਲੇ ਵਿੱਚ ਯੂਏਪੀਏ ਗੈਰਕਾਨੂੰਨੀ ਗਤਿਵਿਧੀਆਂ ਰੋਕਥਾਮ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।</p>
