<p>ਤਰਨ-ਤਾਰਨ: ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਹੁਣ ਇੱਕ ਹੋਰ ਮਾਮਲਾ ਖਾਲੜਾ ਖੇਤਰ ਅਧੀਨ ਪੈਂਦੇ ਪਿੰਡ ਮੱਦਰ ਮੱਥਰਾ ਭਾਗੀ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁੱਟ ਦੀ ਵਾਰਦਾਤ ਇੱਕ ਔਰਤ ਦੀ ਮੌਤ ਦਾ ਕਾਰਨ ਬਣ ਗਈ। ਦੱਸ ਦਈਏ ਕਿ ਬੀਤੇ ਦਿਨੀਂ ਤਿੰਨ ਲੁਟੇਰਿਆਂ ਨੇ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਗੁਰਦੁਆਰਾ ਸਾਹਿਬ ਜਾ ਰਹੀ ਇੱਕ ਔਰਤ 'ਤੇ ਸੋਨੇ ਦੀਆਂ ਵਾਲੀਆਂ ਖੋਹਣ ਦੇ ਇਰਾਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਅਤੇ ਲੁਟੇਰੇ ਵਾਲੀਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਹਮਲੇ ਤੋਂ ਬਾਅਦ ਜਖ਼ਮੀ ਔਰਤ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹੁਣ ਖਾਲੜਾ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਹਾਲਾਂਕਿ, ਤੀਜੇ ਹਮਲਾਵਰ ਦੀ ਭਾਲ ਹਾਲੇ ਵੀ ਜਾਰੀ ਹੈ। ਪੀੜਤ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।</p>
